ਸਵੈ ਸੰਵਾਦ -1/Dialogue with Self

Image
ਆਪਣੇ ਆਪ ਨਾਲ ਗੱਲ ਕਰਨਾ, ਆਪਣੇ ਨਾਲ ਸੰਵਾਦ ਰਚਾਉਣਾ, ਆਪਣੇ ਅੰਦਰ ਝਾਕਣਾ ਸ਼ਾਇਦ ਸਭ ਤੋਂ ਔਖਾ ਕੰਮ ਹੈ। ਇਸੇ ਕਰ ਕੇ ਗੁਰੂ ਅਮਰ ਦਾਸ ਜੀ ਨੂੰ ਕਹਿਣਾ ਪਿਆ “ਮਨੁ ਤੂ ਜੋਤਿਸਰੂਪ ਹੈ ਆਪਣਾ ਮੂਲੁ ਪਛਾਣ ॥” ਆਪਣਾ ਮੂਲ ਪਛਾਨਣਾ ਸਾਡਾਜੀਵਨ ਮਨੋਰਥ ਹੈ ਪਰ ਸਾਡੇ ਵਿਚੋਂ ਕਿੰਨੇ ਕੁ ਇਸ ਦੋ ਕੋਸ਼ਿਸ਼ ਕਰਦੇ ਹਨ? ਮਨ ਦਾ ਮੂਲ ਪਛਾਨਣ ਦੀ ਸ਼ੁਰੁਆਤ ਹੁੰਦੀ ਹੈ ਆਪਣੇ ਨਾਲ ਸੰਵਾਦ ਰਚਾ ਕੇ, ਆਪਣੇ ਅੰਦਰ ਝਾਤੀ ਮਾਰ ਕੇ! ਜੇ ਕੋਈ ਇਹ ਹਿੰਮਤ ਕਰ ਵੀ ਲਵੇ ਤਾਂ ਜੋ ਕੁਛ ਇਸ ਅੰਤਰ ਝਾਤ ਨਾਲ ਲਭਦਾ ਹੈ ਉਸ ਨੂੰ ਦੂਜਿਆਂ ਨਾਲ ਸਾਂਝਾ ਕਰਨਾ! ਤੌਬਾ ਤੌਬਾ! ਜਿਹੜੇ ਲੋਕ ਇਹ ਕਰਨ ਦੇ ਸਮਰੱਥ ਹੁੰਦੇ ਹਨ , ਉਹੀ ਲੋਕ ਹਨ ਜੋ ਅੰਤ ਵਿਚ ਉਸ ਮੂਲ ਨੂੰ ਪਛਾਣਦੇ ਹਨ । ਮੈਂ ਉਹਨਾਂ ਨੂੰ ਸਲਾਮ ਕਰਦਾ ਹਾਂ! ਕਦੀ ਕਦੀ ਮੈਂ ਆਪਣੇ ਆਪ ਨੂੰ ਵੀ ਸਲਾਮ ਕਰ ਲੈਂਦਾ ਹਾਂ!
ਮੈਂ ਕੌਣ ਹਾਂ ? ਮੈਂ ਕੀ ਹਾਂ? ਜਦੋਂ ਮੈਂ ਇਹਨਾਂ ਸਵਾਲਾਂ ਦਾ ਜਵਾਬ ਲਭਦਾ ਹਾਂ ਤਾਂ ਮੈਨੂੰ ਸਪਸ਼ਟ ਰੂਪ ਵਿਚ ਆਪਣਾ ਆਪਾ ਇੱਕ “ਖੰਡਤ ਵਿਅਕਤੀਤਵ ” ਨਜਰ ਆਉਂਦਾ ਹੈ । ਇੱਕ ਜਸਵੰਤ ਸਿੰਘ ਸੈਣੀ ਜੋ ਦੁਨੀਆ ਦੇ ਸਾਹਮਣੇ ਹੈ , ਜੀਵਨ ਵਿਚ ਇੱਕ ਤਸੱਲੀਬਖਸ਼ ਰੂਪ ਵਿਚ ਸਫਲ ਵਿਅਕਤੀ, ਜਿਸ ਨੇ ਐਮ ਐਸ ਸੀ ਵਿਚ ਦਿੱਲੀ ਯੂਨੀਵਰਸਟੀ ਤੋਂ ਗੋਲਡ ਮੌਡਲ ਲਿਆ, ਭਾਰਤੀ ਸਟੇਟ ਬੈੰਕ ਵਿਚ ਪ੍ਰੋਬੇਸ਼ਨਰੀ ਅਫਸਰ ਭਰਤੀ ਹੋਇਆ ਤੇ ਅਖੀਰ ਉਸ ਨੇ ਆਪਣੇ ਆਪ ਨੂੰ ਏਨਾ ਪਛਾਣ ਲਿਆ ਕਿ ਜਿਹੜੀ ਨੌਕਰੀ ਉਸ ਨੇ ਏਨੀ ਮਿਹਨਤ ਅਤੇ ਚਾਵਾਂ ਨਾਲ ਪ੍ਰਾਪਤ ਕੀਤੀ ਸੀ, ਉਸ ਨੂੰ ਰਿਟਾਇਰਮੈਂਟ ਤੋਂ ਛੇ ਸਾਲ ਪਹਿਲਾਂ ਆਪੇ ਹੀ ਛੱਡ ਦਿੱਤਾ! ਜਸਵੰਤ ਸਿੰਘ ਅਮਨ, ਜੋ ਅਖਬਾਰਾਂ ਮੈਗਜ਼ੀਨਾਂ ਵਿਚ ਛਪਣ ਤੋਂ ਇਲਾਵਾ ਰੇਡੀਓ ਸਟੇਸ਼ਨ ਤੋਂ ਵੀ ਬੋਲ ਚੁੱਕਾ ਹੈ ਅਤੇ ਦੂਰ ਦਰਸ਼ਨ ਉੱਤੇ ਵੀ ਦਰਸ਼ਨ ਦੇ ਚੁੱਕਾ ਹੈ । ਕੁੱਲ ਮਿਲਾ ਕੇ ਤਸੱਲੀਬਖਸ਼ ਪ੍ਰਾਪਤੀਆਂ ! ਖਾਸ ਕਰ ਕਰ ਜਦੋਂ ਇਹ ਦੇਖਿਆ ਜਾਵੇ ਉਸ ਦੇ ਮਾਤਾ-ਪਿਤਾ ਦੋਵੇਂ ਅਨਪੜ੍ਹ ਸਨ । ਪਿਤਾ ਆਪਣੇ ਕੰਮ ਕਾਜੀ ਜੀਵਨ ਦਾ ਬਹੁਤਾ ਹਿੱਸਾ ਦਿਹਾੜੀ ਦਾਰ ਮਜਦੂਰਾਂ ਵਾਂਗ ਕੰਮ ਕਰਦਾ ਰਿਹਾ ਅਤੇ ਜਦੋਂ ਤੋਂ ਮੈਂ ਬੈੰਕ ਵਿਚ ਲੱਗਾ ਹਾਂ ਉਹ ਪੂਰੀ ਤਰਾਂ ਸੇਵਾ ਮੁਕਤ ਜੀਵਨ ਨਿਭਾ ਰਹੇ ਹਨ !
ਤੇ ਦੂਜਾ ਮੈਂ ਹਾਂ ਜਸਵੰਤ ਸਿੰਘ, ਜਿਸ ਨੂੰ ਮਾਤਾ-ਪਿਤਾ ਕੇਵਲ ਜਸਵੰਤ ਕਹਿ ਕੇ ਬੁਲਾਉਂਦੇ ਹਨ । ਇਹ ਜਸਵੰਤ ਸਿੰਘ ਜਦੋਂ ਆਪਣੇ ਆਪ ਨੂੰ ਆਪਣੇ ਹੀ ਸ਼ੀਸ਼ੇ ਵਿਚ ਦੇਖਦਾ ਹੈ ਤਾਂ ਉਪਰੋਕਤ ਪ੍ਰਾਪਤੀਆਂ ਉਸ ਨੂੰ ਇੱਕ ਦਿਖਾਵਾ ਮਾਤਰ ਲਗਦੀਆਂ ਹਨ…ਸੱਚ ਮੁਚ ਇੱਕ ਪਰਛਾਂਵਾਂ ਜਿਹਾ, ਬੇਮਤਲਬ ਤੇ ਅਰਥ ਹੀਣ ਤੇ ਉਹ ਆਪਣੇ ਆਪ ਨੂੰ ਜੀਵਨ ਵਿਚ ਪੂਰੀ ਤਰਾਂ ਹਾਰਿਆ ਹੋਇਆ ਵਿਅਕਤੀ ਮਹਿਸੂਸ ਕਰਦਾ ਹੈ ।ਇਸ ਦਾ ਸਭ ਤੋਂ ਪ੍ਰਮੁੱਖ ਕਾਰਣ ਮੈਨੂੰ ਲਗਦਾ ਹੈ ਕਿ 56 ਸਾਲ ਦੀ ਉਮਰ ਵਿਚ ਵੀ ਮੈਂ ਇੱਕ ਵੀ ਅਜਿਹਾ ਵਿਅਕਤੀ ਨਹੀਂ ਲੱਭ ਸਕਿਆ ਜਿਸ ਨੂੰ ਮੈਂ ਆਪਣਾ ਦੋਸਤ ਕਹਿ ਸਕਾਂ ! ਮੇਰੀ ਨਜ਼ਰ ਵਿਚ ਦੋਸਤ ਉਹ ਹੈ ਜਿਸ ਨਾਲ ਬੰਦਾ ਸਭ ਕੁਝ ਬਿਨਾ ਝਿਜਕ ਸਾਂਝਾ ਕਰ ਸਕੇ । ਮੈਨੂੰ ਅਜਿਹਾ ਕੋਈ ਵਿਅਕਤੀ ਨਹੀਂ ਲੱਭਾ ਤੇ ਨਾ ਹੀ ਕੋਈ ਐਸਾ ਵਿਅਕਤੀ ਹੈ ਜੋ ਆਪਣਾ ਸਭ ਕੁਝ ਮੇਰੇ ਨਾਲ ਸਾਂਝਾ ਕਰਦਾ ਹੋਵੇ, ਮੇਰੀ ਪਤਨੀ ਵੀ ਨਹੀਂ! ਸੱਚ ਪੁੱਛੋ ਤਾਂ ਕਈ ਵਾਰੀ ਲਗਦਾ ਹੈ ਕਿ ਅਸੀਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ।

One thought on “ਸਵੈ ਸੰਵਾਦ -1/Dialogue with Self

  1. Reblogged this on jaswantsinghaman and commented:

    56 ਸਾਲ ਦੀ ਉਮਰ ਵਿਚ ਵੀ ਮੈਂ ਇੱਕ ਵੀ ਅਜਿਹਾ ਵਿਅਕਤੀ ਨਹੀਂ ਲੱਭ ਸਕਿਆ ਜਿਸ ਨੂੰ ਮੈਂ ਆਪਣਾ ਦੋਸਤ ਕਹਿ ਸਕਾਂ ! ਮੇਰੀ ਨਜ਼ਰ ਵਿਚ ਦੋਸਤ ਉਹ ਹੈ ਜਿਸ ਨਾਲ ਬੰਦਾ ਸਭ ਕੁਝ ਬਿਨਾ ਝਿਜਕ ਸਾਂਝਾ ਕਰ ਸਕੇ । ਮੈਨੂੰ ਅਜਿਹਾ ਕੋਈ ਵਿਅਕਤੀ ਨਹੀਂ ਲੱਭਾ ਤੇ ਨਾ ਹੀ ਕੋਈ ਐਸਾ ਵਿਅਕਤੀ ਹੈ ਜੋ ਆਪਣਾ ਸਭ ਕੁਝ ਮੇਰੇ ਨਾਲ ਸਾਂਝਾ ਕਰਦਾ ਹੋਵੇ, ਮੇਰੀ ਪਤਨੀ ਵੀ ਨਹੀਂ! ਸੱਚ ਪੁੱਛੋ ਤਾਂ ਕਈ ਵਾਰੀ ਲਗਦਾ ਹੈ ਕਿ ਅਸੀਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ।

Leave a comment